ਐਨ ਆਰ ਆਈ ਦੀ ਮਾਤਾ ਦਾ ਕਤਲ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀ ਆਈ ਏ ਪਟਿਆਲਾ ਦੀ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ, ਏ ਐਸ ਆਈ ਅਵਤਾਰ ਸਿੰਘ ਤੇ ਹੌਲਦਾਰ ਜਸਪਿੰਦਰ ਸਿੰਘ ਨੇ ਮੁੱਖ ਮੁਲਜ਼ਮ ਰਾਮ ਦੁਗਰ ਰਾਹੁਲ ਨੂੰ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਜ਼ਿਲ੍ਹਾ ਮਦੁਬਨੀ ਤੋਂ ਗ੍ਰਿਫਤਾਰ ਕੀਤਾ ਹੈ। ਇਸਦੇ ਸਾਥੀ ਅਮਰੀਕ ਸਿੰਘ ਨੂੰ ਰਾਜਪੁਰਾ ਤੋ ਗ੍ਰਿਫ਼ਤਾਰ ਕੀਤਾ ਗਿਆ।
ਐਸ ਐਸ ਪੀ ਅਨੁਸਾਰ ਦੋਵੇਂ ਮੁਲਜ਼ਮ ਰੰਗ ਰੋਗਨ ਦਾ ਕੰਮ ਕਰਦੇ ਹਨ। ਕਰੀਬ 5-6 ਮਹੀਨੇ ਪਹਿਲਾਂ ਭੇਡਵਾਲ ਝੁੱਗੀਆਂ ਵਿਖੇ ਰਣਧੀਰ ਕੌਰ ਦੇ ਘਰ ਰੰਗ ਕਰਨ ਆਏ ਸੀ। ਰਣਧੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ।ਉਸ ਦੋ ਲੜਕੇ ਹਨ, ਜਿਨ੍ਹਾਂ ਵਿੱਚੋ ਇੱਕ ਕਈ ਸਾਲ ਤੋਂ ਜਰਮਨੀ ਰਹਿੰਦਾ ਹੈ ਤੇ ਦੂਸਰਾ ਮੋਹਾਲੀ ਪ੍ਰੋਪਰਟੀ ਦਾ ਕੰਮ ਕਰਦਾ ਹੈ। ਰਣਧੀਰ ਕੌਰ ਘਰ ਵਿਚ ਜ਼ਿਆਦਾਤਰ ਇਕੱਲੀ ਰਹਿੰਦੀ ਸੀ। ਘਰ ਵਿਚ ਰੰਗ ਦਾ ਕੰਮ ਕਰਦਿਆਂ ਮੁਲਜਮਾਂ ਨੇ ਸਾਰਾ ਭੇਦ ਪਾਇਆ ਅਤੇ 2 ਅਗਸਤ ਨੂੰ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ। ਲੁੱਟ ਕਰਨ ਆਏ ਰਾਮ ਤੇ ਅਮਰੀਕ ਨੇ ਰਣਧੀਰ ਕੌਰ ਦਾ ਸਿਰਹਾਣੇ ਨਾਲ ਗਲਾ ਘੁੱਟਿਆ ਅਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਰਣਧੀਰ ਕੌਰ ਦੇ ਗਲ, ਬਾਹਾਂ ਤੇ ਕੰਨਾਂ 'ਚ ਪਾਏ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਤੇ ਸੀ ਆਈ ਏ ਪੁਲਿਸ ਟੀਮਾਂ ਨੇ ਵੱਖ ਵੱਖ ਪੱਖ ਤੋਂ ਜਾਂਚ ਕਰਦਿਆਂ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।