ਟਮਾਟਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਮੂੰਹ ਦਾ ਸੁਆਦ ਖ਼ਰਾਬ ਕਰਕੇ ਰੱਖ ਦਿੱਤਾ ਹੈ। ਇਸ ਦੌਰਾਨ ਜਿੱਥੇ ਚੰਡੀਗੜ੍ਹ 'ਚ ਸਬਜ਼ੀਆਂ ਦੇ ਭਾਅ 'ਚ ਕੋਈ ਫ਼ਰਕ ਨਹੀਂ ਪਿਆ, ਉਥੇ ਹੀ ਟਮਾਟਰਾਂ ਦੀਆਂ ਕੀਮਤਾਂ 'ਚ ਫਿਰ ਵਾਧਾ ਹੋ ਰਿਹਾ ਹੈ।
ਚੰਡੀਗੜ੍ਹ ਵਿੱਚ ਪਿਛਲੇ ਹਫ਼ਤੇ ਟਮਾਟਰ ਦੀ ਕੀਮਤ 70 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਸੀ ਪਰ ਹੁਣ ਇਹ 200 ਰੁਪਏ ਕਿਲੋ ਵਿੱਕ ਰਿਹਾ ਹੈ। ਟਮਾਟਰ ਦੇ ਨਾਲ-ਨਾਲ ਹੋਰ ਸਬਜ਼ੀਆਂ ਵੀ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ।
ਦੱਸ ਦੇਈਏ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਟਮਾਟਰ ਬਹੁਤ ਮਹਿੰਗੇ ਵਿਕ ਰਹੇ ਹਨ। ਚੰਡੀਗੜ੍ਹ ਵਿਖੇ ਮਟਰ 160 ਰੁਪਏ ਕਿਲੋ, ਗੋਭੀ 100 ਰੁਪਏ ਕਿਲੋ, ਹਰੀਆਂ ਫਲੀਆਂ 120 ਰੁਪਏ ਪ੍ਰਤੀ ਕਿਲੋ ਦੀ ਕੀਮਤ ਨਾਲ ਮਿਲ ਰਹੀਆਂ ਹਨ। ਆਲੂ ਜੋ ਪਹਿਲਾਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ, ਉਹ ਹੁਣ 30 ਰੁਪਏ ਕਿਲੋ ਮਿਲ ਰਿਹਾ ਹੈ। ਗੰਢੇ ਵੀ 40 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਹੇ ਹਨ। ਇਹਨਾਂ ਸਬਜ਼ੀਆਂ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੱਧ ਜਾਣ ਦੀ ਸ਼ੰਕਾਂ ਵੀ ਜਤਾਈ ਜਾ ਰਹੀ ਹੈ।