ਹੈਦਰਾਬਾਦ 'ਚ ਆਇਆ ਰੋਹਿਤ ਸ਼ਰਮਾ ਦਾ ਤੂਫਾਨ, SRH ਫਿਰ ਹੋਈ ਢੇਰ; ਮੰਬਈ ਦੀ ਲਗਾਤਾਰ ਚੌਥੀ ਜਿੱਤ

ਹੈਦਰਾਬਾਦ 'ਚ ਆਇਆ ਰੋਹਿਤ ਸ਼ਰਮਾ ਦਾ ਤੂਫਾਨ, SRH ਫਿਰ ਹੋਈ ਢੇਰ; ਮੰਬਈ ਦੀ ਲਗਾਤਾਰ ਚੌਥੀ ਜਿੱਤ

Sunrisers Hyderabad vs Mumbai Indians: ਟ੍ਰੈਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਮੰਬਈ ਇੰਡੀਅਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਮੰਬਈ ਦੀ ਲਗਾਤਾਰ ਚੌਥੀ ਜਿੱਤ ਸੀ। ਸਨਰਾਈਜ਼ਰਜ਼ ਨੇ ਪਹਿਲਾਂ ਖੇਡਦਿਆਂ 143 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਮੰਬਈ ਨੇ ਸਿਰਫ਼ 3 ਵਿਕਟਾਂ ਦੇ ਨੁਕਸਾਨ 'ਤੇ 15.4 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ।ਹੁਣ ਮੰਬਈ ਇੰਡੀਆਂਸ ਨੇ 9 ਵਿਚੋਂ 5 ਮੈਚ ਜਿੱਤੇ ਹਨ ਅਤੇ ਟੀਮ ਨੇ ਪੌਇੰਟਸ ਟੇਬਲ 'ਚ ਵੱਡੀ ਛਾਲ ਮਾਰੀ ਹੈ।

144 ਰਨਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੰਬਈ ਇੰਡੀਅਨਸ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਪਰ ਰੋਹਿਤ ਸ਼ਰਮਾ ਨੇ ਆਪਣਾ ਆਕਰਮਕ ਰੁਖ ਜਾਰੀ ਰੱਖਿਆ। ਮੰਬਈ ਨੇ ਪਾਵਰਪਲੇ ਦੌਰਾਨ 1 ਵਿਕਟ ਗਵਾ ਕੇ 56 ਰਨ ਬਣਾਏ। ਰੋਹਿਤ ਸ਼ਰਮਾ ਨੇ ਸਿਰਫ਼ 35 ਗੇਂਦਾਂ ਵਿੱਚ ਅੱਧਾ ਸ਼ਤਕ ਜੜਿਆ। 9 ਸਾਲਾਂ ਬਾਅਦ ਆਈਪੀਆਲ ਵਿੱਚ ਰੋਹਿਤ ਨੇ ਲਗਾਤਾਰ ਦੋ ਅੱਧ ਸੈਂਚਰੀਆਂ ਬਣਾਈਆਂ।  ਰੋਹਿਤ ਸ਼ਰਮਾ ਨੇ 46 ਗੇਂਦਾਂ 'ਚ 70 ਰਨਾਂ ਦੀ ਤੂਫਾਨੀ ਪਾਰੀ ਖੇਡੀ। ਹਿਟਮੈਨ ਦੇ ਬੱਲੇ ਤੋਂ 8 ਚੌਕੇ ਅਤੇ 3 ਛੱਕੇ ਨਿਕਲੇ। ਸੂਰਿਆਕੁਮਾਰ ਯਾਦਵ 19 ਗੇਂਦਾਂ 'ਚ 40 ਰਨ ਬਣਾ ਕੇ ਨਾਟਆਊਟ ਰਹੇ। ਉਨ੍ਹਾਂ ਨੇ 5 ਚੌਕੇ ਅਤੇ 2 ਛੱਕੇ ਲਗਾਏ। ਵਿਲ ਜੈਕਸ ਨੇ ਵੀ 19 ਗੇਂਦਾਂ 'ਚ 22 ਰਨ ਬਣਾਏ।

ਮੰਬਈ ਇੰਡੀਅਨਸ ਦੀ ਟੀਮ ਹੁਣ ਪੌਇੰਟਸ ਟੇਬਲ 'ਚ ਤੀਜੇ ਨੰਬਰ 'ਤੇ ਆ ਗਈ ਹੈ। ਟੀਮ ਦਾ ਨੈੱਟ ਰਨ ਰੇਟ ਕਾਫੀ ਸ਼ਾਨਦਾਰ ਹੋ ਗਿਆ ਹੈ।ਇਸ ਤੋਂ ਪਹਿਲਾਂ, ਟਾਸ਼ ਹਾਰ ਕੇ ਆਪਣੇ ਘਰ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ SRH ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ। ਟ੍ਰੈਵਿਸ ਹੈੱਡ 0, ਅਭਿਸ਼ੇਕ ਸ਼ਰਮਾ 8, ਈਸ਼ਾਨ ਕਿਸ਼ਨ 1, ਨਿਤੀਸ਼ ਕੁਮਾਰ ਰੈੱਡੀ 2 ਅਤੇ ਅਨਿਕੇਤ ਵਰਮਾ 12 ਰਨ ਬਣਾ ਕੇ ਆਊਟ ਹੋ ਗਏ। ਸਿਰਫ਼ 35 ਰਨ 'ਤੇ ਹੀ ਹੈਦਰਾਬਾਦ ਨੇ ਆਪਣੇ 5 ਮੁੱਖ ਵਿਕਟ ਗਵਾ ਦਿੱਤੀਆਂ ਸਨ। ਇਸ ਤੋਂ ਬਾਅਦ ਹੇਨਰਿਕ ਕਲਾਸੇਨ ਅਤੇ ਅਭਿਨਵ ਮਨੋਹਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੀ ਲਾਜ ਬਚਾਈ।

ਕਲਾਸੇਨ ਨੇ 44 ਗੇਂਦਾਂ ਵਿੱਚ 71 ਰਨ ਬਣਾਏ, ਜਿਸ ਦੌਰਾਨ ਉਨ੍ਹਾਂ ਨੇ 9 ਚੌਕੇ ਅਤੇ 2 ਛੱਕੇ ਲਗਾਏ। ਇੰਪੈਕਟ ਪਲੇਅਰ ਵਜੋਂ ਆਏ ਅਭਿਨਵ ਮਨੋਹਰ ਨੇ 37 ਗੇਂਦਾਂ 'ਚ 43 ਰਨਾਂ ਦੀ ਮਹੱਤਵਪੂਰਨ ਪਾਰੀ ਖੇਡੀ। ਇਨ੍ਹਾਂ ਦੋਵਾਂ ਦੀ ਮਿਹਨਤ ਕਰਕੇ ਹੈਦਰਾਬਾਦ ਦਾ ਸਕੋਰ 140 ਤੋਂ ਪਾਰ ਪਹੁੰਚ ਸਕਿਆ। ਹਾਲਾਂਕਿ ਇਸ ਪਿਚ 'ਤੇ ਇਹ ਰਨ ਕਾਫੀ ਸਾਬਤ ਨਹੀਂ ਹੋਏ।