Pakistan's Defense Minister Viral Video: ਅਮਰੀਕਾ ਨੂੰ ਲੈ ਕੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਦੇ ਬਿਆਨ ਤੋਂ ਵੱਡਾ ਵਿਵਾਦ ਖੜਾ ਹੋ ਗਿਆ ਹੈ। ਉਨ੍ਹਾਂ ਨੇ ਅਮਰੀਕਾ 'ਤੇ ਦੋਸ਼ ਲਗਾਇਆ ਹੈ ਕਿ ਉਹ ਆਪਣੀ ਹਥਿਆਰ ਉਦਯੋਗ ਨੂੰ ਫ਼ਾਇਦਾ ਪਹੁੰਚਾਉਣ ਲਈ ਜਾਣ ਬੁੱਝ ਕੇ ਦੁਨੀਆ ਭਰ 'ਚ ਟਕਰਾਅ ਵਧਾਉਂਦਾ ਹੈ। ਇੱਕ ਇੰਟਰਵਿਊ ਦੌਰਾਨ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਅਮਰੀਕਾ ਨੂੰ ਲੈ ਕੇ ਦੁਨੀਆ ਭਰ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਖ਼ਵਾਜਾ ਆਸਿਫ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਮਰੀਕਾ ਇਹ ਕੰਮ ਪਿਛਲੇ 100 ਸਾਲਾਂ ਤੋਂ ਕਰ ਰਿਹਾ ਹੈ। ਉਹ ਦੁਨੀਆ ਭਰ 'ਚ ਲੜਾਈਆਂ ਕਰਵਾਉਂਦੇ ਹਨ। ਅਮਰੀਕਾ ਹੁਣ ਤੱਕ ਲਗਭਗ 260 ਜੰਗਾਂ ਲੜ ਚੁੱਕਾ ਹੈ, ਜਦਕਿ ਚੀਨ ਨੇ ਸਿਰਫ਼ 3 ਹੀ ਯੁੱਧ ਲੜੇ ਹਨ।
'ਆਪਣੀ GDP ਵਧਾਉਣ ਲਈ ਅਮਰੀਕਾ ਦੁਨੀਆ ਵਿਚ ਜੰਗਾਂ ਕਰਵਾਉਂਦਾ ਹੈ'
ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਇਹ ਲੜਾਈਆਂ ਕਰਵਾ ਕੇ ਅਜੇ ਵੀ ਪੈਸਾ ਕਮਾ ਰਿਹਾ ਹੈ। ਅਮਰੀਕਾ ਵਿੱਚ ਮਿਲਟਰੀ ਇੰਡਸਟਰੀ ਹੈ ਅਤੇ ਉਨ੍ਹਾਂ ਦੇ ਕੰਪਲੈਕਸ ਹਨ। ਇਹ ਉਨ੍ਹਾਂ ਦੀ GDP ਦਾ ਮੁੱਖ ਹਿੱਸਾ ਹੈ, ਇਸੇ ਲਈ GDP ਵਧਾਉਣ ਲਈ ਉਨ੍ਹਾਂ ਨੂੰ ਜੰਗਾਂ ਕਰਵਾਉਣੀਆਂ ਪੈਂਦੀਆਂ ਹਨ।
'ਅਫ਼ਗਾਨਿਸਤਾਨ, ਸੀਰੀਆ ਅਤੇ ਲੀਬੀਆ ਨੂੰ ਅਮਰੀਕਾ ਨੇ ਬਰਬਾਦ ਕੀਤਾ'
ਖ਼ਵਾਜਾ ਆਸਿਫ ਨੇ ਕਿਹਾ ਕਿ ਅਮਰੀਕਾ ਹਮੇਸ਼ਾਂ ਦੋ ਦੇਸ਼ਾਂ ਦੇ ਵਿਚਕਾਰ ਲੜਾਈਆਂ ਕਰਵਾਉਂਦਾ ਹੈ ਅਤੇ ਉਨ੍ਹਾਂ ਤੋਂ ਪੈਸਾ ਕਮਾਉਂਦਾ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਅਫ਼ਗਾਨਿਸਤਾਨ, ਸੀਰੀਆ ਅਤੇ ਲੀਬੀਆ 'ਚ ਜੰਗਾਂ ਅਮਰੀਕਾ ਨੇ ਹੀ ਕਰਵਾਈਆਂ। ਇਹ ਦੇਸ਼ ਪਹਿਲਾਂ ਬਹੁਤ ਅਮੀਰ ਹੁੰਦੇ ਸਨ, ਪਰ ਹੁਣ ਇੱਥੇ ਸਭ ਕੁਝ ਬਰਬਾਦ ਹੋ ਚੁੱਕਾ ਹੈ। ਇਹ ਦੇਸ਼ ਹੁਣ ਬੈਂਕ ਕਰਪਟ ਘੋਸ਼ਿਤ ਹੋ ਚੁੱਕੇ ਹਨ।
ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕਾ ਆਪਣੇ ਫੌਜੀ ਉਦਯੋਗਿਕ ਢਾਂਚੇ ਨੂੰ ਫ਼ਾਇਦਾ ਪਹੁੰਚਾਉਣ ਲਈ ਜੰਗਾਂ ਵਿੱਚ ਦੋਹਾਂ ਪੱਖਾਂ ਦੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਅਮਰੀਕੀ ਰੱਖਿਆ ਖੇਤਰ ਦੀ ਤੁਲਨਾ ਇੱਕ ਅਜਿਹੀ ਆਰਥਿਕ ਮਸ਼ੀਨ ਨਾਲ ਕੀਤੀ ਜੋ ਅਰਾਜਕਤਾ ਅਤੇ ਅਸਥਿਰਤਾ 'ਤੇ ਚੱਲਦੀ ਹੈ।