ਹਾਕੀ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਓਲੰਪੀਅਨ ਖਿਡਾਰੀਆਂ ਮਨਦੀਪ ਸਿੰਘ, ਸ਼ਮਸ਼ੇਰ ਸਿੰਘ ਤੇ ਹਾਰਦਿਕ ਵੱਲੋਂ ਅੱਜ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕੀਤੀ ਗਈ। ਇਨ੍ਹਾਂ ਓਲੰਪੀਅਨ ਖਿਡਾਰੀਆਂ ਵੱਲੋਂ ਸੁਸ਼ੀਲ ਰਿੰਕੂ ਨੂੰ ਜਲੰਧਰ ਜ਼ਿਮਨੀ ਸੀਟ 'ਤੇ ਜਿੱਤ ਹਾਸਿਲ ਕਰਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਇਕ ਚੰਗੇ ਖਿਡਾਰੀ ਵੀ ਰਹੇ ਹੋ ਤੇ ਪੰਜਾਬ ਦੇ ਸਮੂਹ ਖਿਡਾਰੀਆਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ। ਇਨ੍ਹਾਂ ਓਲੰਪੀਅਨ ਖਿਡਾਰੀਆਂ ਨੇ ਸੁਸ਼ੀਲ ਰਿੰਕੂ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਸਾਡਾ ਸਨਮਾਨ ਕਰਦਿਆਂ ਸਾਨੂੰ ਨੌਕਰੀ ਦੀਆਂ ਆਫ਼ਰ ਲੈਟਰਾਂ ਦਿੱਤੀਆਂ ਗਈਆਂ ਸਨ ਪਰ ਕੁਝ ਕਾਰਨਾਂ ਕਰਕੇ ਨੌਕਰੀਆਂ ’ਤੇ ਲਗਵਾਇਆ ਨਹੀਂ ਗਿਆ ਸੀ।
ਖਿਡਾਰੀਆਂ ਨੇ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਨੌਕਰੀਆਂ ’ਤੇ ਲਗਵਾਇਆ ਜਾਵੇ। ਇਸ ਸਬੰਧੀ ਐੱਮ. ਪੀ. ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ ਇਹ ਸਾਰਾ ਮਾਮਲਾ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਦੇ ਧਿਆਨ ਵਿਚ ਲਿਆਂਵਾਂਗਾ ਤੇ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਵਾਵਾਂਗਾ। ਉਨ੍ਹਾਂ ਕਿਹਾ ਕਿ ਇਹ ਓਲੰਪੀਅਨ ਖਿਡਾਰੀ ਸਾਡੇ ਦੇਸ਼ ਦੀ ਸ਼ਾਨ ਹਨ। ਇਨ੍ਹਾਂ ਨੇ ਸਾਡੇ ਦੇਸ਼ ਅਤੇ ਪੰਜਾਬ ਨਾਂਅ ਰੌਸ਼ਨ ਕੀਤਾ ਹੈ। ਇਹੋ ਜਿਹੇ ਖਿਡਾਰੀਆਂ ਦੇ ਅਸੀਂ ਕਰਜ਼ਦਾਰ ਹਾਂ ਤੇ ਇਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਮੁੱਖ ਮੰਤਰੀ ਨਾਲ ਉਹ ਇਸ ਸਬੰਧੀ ਗੱਲਬਾਤ ਕਰਨਗੇ। ਅੰਤ ਵਿਚ ਓਲੰਪੀਅਨ ਖਿਡਾਰੀਆਂ ਵੱਲੋਂ ਸੁਸ਼ੀਲ ਰਿੰਕੂ ਨੂੰ ਹਾਕੀ ਸਟਿੱਕ ਯਾਦ ਚਿੰਨ੍ਹ ਵਜੋਂ ਭੇਟ ਕੀਤੀ ਗਈ।
ਓਲੰਪੀਅਨ ਖਿਡਾਰੀਆਂ ਨੇ ਮੰਗਾਂ ਨੂੰ ਲੈ ਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਕੀਤੀ ਮੁਲਾਕਾਤ
