India vs China: ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਹੁੰਦੇ ਹੀ ਚੀਨ ਨੇ ਵੱਡਾ ਐਕਸ਼ਨ ਕੀਤਾ ਹੈ। ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਗੁਆਂਢੀ ਮੁਲਕ ਨੇ ਭਾਰਤ ਨੂੰ ਚੁਣੌਤੀ ਦਿੰਦਿਆਂ ਅਰੁਣਾਚਲ ਪ੍ਰਦੇਸ਼ ਵਿੱਚ 27 ਥਾਵਾਂ ਦੇ ਨਾਮ ਬਦਲ ਦਿੱਤੇ ਹਨ। ਇਨ੍ਹਾਂ ਵਿੱਚ 15 ਪਹਾੜ, 5 ਕਸਬੇ, 4 ਪਹਾੜੀ ਦੱਰੇ, 2 ਨਦੀਆਂ ਤੇ ਇੱਕ ਝੀਲ ਸ਼ਾਮਲ ਹੈ। ਚੀਨ ਨੇ ਆਪਣੀ ਅਧਿਕਾਰਤ ਵੈੱਬਸਾਈਟ ਗਲੋਬਲ ਟਾਈਮਜ਼ 'ਤੇ ਵੀ ਇਹ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਥਾਵਾਂ ਦੇ ਨਾਮ ਮੈਂਡਰਿਨ (ਚੀਨੀ ਭਾਸ਼ਾ) ਵਿੱਚ ਰੱਖੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ 8 ਸਾਲਾਂ ਵਿੱਚ ਚੀਨ ਨੇ ਅਰੁਣਾਚਲ ਵਿੱਚ 90 ਤੋਂ ਵੱਧ ਥਾਵਾਂ ਦੇ ਨਾਮ ਬਦਲ ਦਿੱਤੇ ਹਨ।
ਚੀਨ ਇਹ ਕਾਰਵਾਈ ਕਰਕੇ ਭਾਰਤ ਨੂੰ ਉਕਸਾ ਰਿਹਾ ਹੈ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਹੈ ਪਰ ਚੀਨ ਮਨਮਾਨੀ ਕਰਨ ਉਪਰ ਉੱਤਰਿਆ ਹੋਇਆ ਹੈ। ਇਸ ਕਾਰਵਾਈ ਨੂੰ ਹੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦਾ ਨਾਮ ਬਦਲਣ ਦਾ ਕੰਮ ਮੂਰਖਤਾਪੂਰਨ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ। ਚੀਨ ਨੇ ਨਾਮ ਬਦਲਣ ਵਿੱਚ ਰਚਨਾਤਮਕਤਾ ਦਿਖਾਈ ਹੈ ਪਰ ਅਰੁਣਾਚਲ ਭਾਰਤ ਦਾ ਅਨਿੱਖੜਵਾਂ ਅੰਗ ਹੈ।
ਦੱਸ ਦਈਏ ਕਿ ਚੀਨ ਅਰੁਣਾਚਲ 'ਤੇ ਆਪਣਾ ਦਾਅਵਾ ਜਤਾਉਣ ਦੀ ਕੋਸ਼ਿਸ਼ ਵਿੱਚ ਸ਼ਹਿਰਾਂ, ਪਿੰਡਾਂ, ਨਦੀਆਂ ਆਦਿ ਦੇ ਨਾਮ ਬਦਲਦਾ ਰਿਹਾ ਹੈ। ਇਸ ਲਈ ਉਹ ਚੀਨੀ, ਤਿੱਬਤੀ ਤੇ ਪਿਨਯਿਨ ਨਾਮ ਦਿੰਦਾ ਹੈ। ਜਦੋਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਵੱਲੋਂ ਕੋਈ ਹਿੱਲਜੁਲ ਕੀਤੀ ਜਾਂਦੀ ਹੈ ਤਾਂ ਉਸੇ ਸਮੇਂ ਚੀਨ ਦਾ ਇਹ ਐਕਸ਼ਨ ਸਾਹਮਣੇ ਆਉਂਦਾ ਹੈ। 2023 ਵਿੱਚ ਜਦੋਂ ਭਾਰਤ ਨੇ ਜੀ-20 ਸੰਮੇਲਨ ਦੌਰਾਨ ਅਰੁਣਾਚਲ ਵਿੱਚ ਇੱਕ ਮੀਟਿੰਗ ਕੀਤੀ ਸੀ ਤਾਂ ਚੀਨ ਨੇ ਇਸ ਖੇਤਰ ਦੇ ਕੁਝ ਨਾਮ ਬਦਲਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ 2017 ਵਿੱਚ ਜਦੋਂ ਦਲਾਈ ਲਾਮਾ ਅਰੁਣਾਚਲ ਆਏ ਸਨ ਤਾਂ ਉਦੋਂ ਵੀ ਕੁਝ ਨਾਂ ਬਦਲ ਦਿੱਤੇ ਗਏ ਸਨ।
2024 ਵਿੱਚ 30 ਥਾਵਾਂ ਦੇ ਨਾਮ ਬਦਲੇ
ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸ ਕੇ 30 ਥਾਵਾਂ ਦੇ ਨਾਮ ਬਦਲ ਦਿੱਤੇ ਸਨ। ਚੀਨ ਦੇ ਸਿਵਲ ਮਾਮਲਿਆਂ ਦੇ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਸੀ। ਹਾਂਗ ਕਾਂਗ ਮੀਡੀਆ ਹਾਊਸ ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਇਨ੍ਹਾਂ ਵਿੱਚ 11 ਰਿਹਾਇਸ਼ੀ ਖੇਤਰ, 12 ਪਹਾੜ, 4 ਨਦੀਆਂ, ਇੱਕ ਤਲਾਅ ਤੇ ਪਹਾੜਾਂ ਤੋਂ ਜਾਣ ਵਾਲਾ ਰਸਤਾ ਸ਼ਾਮਲ ਸੀ। ਇਹ ਨਾਮ ਚੀਨੀ, ਤਿੱਬਤੀ ਤੇ ਰੋਮਨ ਵਿੱਚ ਜਾਰੀ ਕੀਤੇ ਗਏ ਸਨ। ਚੀਨ ਨੇ ਅਪ੍ਰੈਲ 2023 ਵਿੱਚ ਆਪਣੇ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਮ ਬਦਲ ਦਿੱਤੇ ਸਨ। ਇਸ ਤੋਂ ਪਹਿਲਾਂ 2021 ਵਿੱਚ ਚੀਨ ਨੇ 15 ਥਾਵਾਂ ਦੇ ਨਾਮ ਬਦਲ ਦਿੱਤੇ ਸਨ ਤੇ 2017 ਵਿੱਚ 6 ਥਾਵਾਂ ਦੇ ਨਾਮ ਬਦਲੇ ਸੀ।
ਨਾਮ ਬਦਲਣ ਪਿੱਛੇ ਕੀ ਰਣਨੀਤੀ
ਚੀਨ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਰਾਜ ਵਜੋਂ ਮਾਨਤਾ ਨਹੀਂ ਦਿੱਤੀ। ਉਹ ਅਰੁਣਾਚਲ ਨੂੰ 'ਦੱਖਣੀ ਤਿੱਬਤ' ਦਾ ਹਿੱਸਾ ਦੱਸਦਾ ਹੈ। ਇਹ ਦੋਸ਼ ਲਾਉਂਦਾ ਹੈ ਕਿ ਭਾਰਤ ਨੇ ਉਸ ਦੇ ਤਿੱਬਤੀ ਖੇਤਰ 'ਤੇ ਕਬਜ਼ਾ ਕਰ ਲਿਆ ਹੈ ਤੇ ਇਸ ਨੂੰ ਅਰੁਣਾਚਲ ਪ੍ਰਦੇਸ਼ ਬਣਾ ਦਿੱਤਾ ਹੈ। ਚੀਨ ਅਰੁਣਾਚਲ ਦੇ ਖੇਤਰਾਂ ਦੇ ਨਾਮ ਕਿਉਂ ਬਦਲਦਾ ਹੈ, ਇਸ ਦਾ ਅੰਦਾਜ਼ਾ ਉੱਥੋਂ ਦੇ ਇੱਕ ਖੋਜਕਰਤਾ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ।
2015 ਵਿੱਚ ਚੀਨੀ ਸਮਾਜਿਕ ਵਿਗਿਆਨ ਅਕੈਡਮੀ ਦੇ ਇੱਕ ਖੋਜਕਰਤਾ ਝਾਂਗ ਯੋਂਗਪਨ ਨੇ ਗਲੋਬਲ ਟਾਈਮਜ਼ ਨੂੰ ਦੱਸਿਆ 'ਜਿਨ੍ਹਾਂ ਥਾਵਾਂ ਦੇ ਨਾਮ ਬਦਲੇ ਗਏ ਹਨ, ਉਹ ਸੈਂਕੜੇ ਸਾਲਾਂ ਤੋਂ ਉੱਥੇ ਹਨ। ਚੀਨ ਵੱਲੋਂ ਇਨ੍ਹਾਂ ਥਾਵਾਂ ਦੇ ਨਾਮ ਬਦਲਣਾ ਬਿਲਕੁਲ ਜਾਇਜ਼ ਹੈ। ਪ੍ਰਾਚੀਨ ਸਮੇਂ ਵਿੱਚ ਜੰਗਨਾਨ (ਚੀਨ ਵਿੱਚ ਅਰੁਣਾਚਲ ਨੂੰ ਦਿੱਤਾ ਗਿਆ ਨਾਮ) ਦੇ ਖੇਤਰਾਂ ਦੇ ਨਾਮ ਕੇਂਦਰੀ ਜਾਂ ਸਥਾਨਕ ਸਰਕਾਰਾਂ ਦੁਆਰਾ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਤਿੱਬਤੀ, ਲਾਹੋਬਾ, ਮੋਮਬਾ ਵਰਗੇ ਖੇਤਰ ਦੇ ਨਸਲੀ ਭਾਈਚਾਰੇ ਵੀ ਆਪਣੀ ਇੱਛਾ ਅਨੁਸਾਰ ਥਾਵਾਂ ਦੇ ਨਾਮ ਬਦਲਦੇ ਸਨ। ਜਦੋਂ ਭਾਰਤ ਨੇ ਜੰਗਨਾਮ 'ਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਤਾਂ ਉੱਥੋਂ ਦੀ ਸਰਕਾਰ ਨੇ ਵੀ ਗੈਰ-ਕਾਨੂੰਨੀ ਤਰੀਕਿਆਂ ਨਾਲ ਥਾਵਾਂ ਦੇ ਨਾਮ ਬਦਲ ਦਿੱਤੇ। ਝਾਂਗ ਨੇ ਇਹ ਵੀ ਕਿਹਾ ਸੀ ਕਿ ਅਰੁਣਾਚਲ ਵਿੱਚ ਖੇਤਰਾਂ ਦੇ ਨਾਮ ਬਦਲਣ ਦਾ ਅਧਿਕਾਰ ਸਿਰਫ਼ ਚੀਨ ਨੂੰ ਹੋਣਾ ਚਾਹੀਦਾ ਹੈ।