CSK vs RCB Full Match Highlights: ਰਾਇਲ ਚੈਲੇਂਜਰਜ਼ ਬੰਗਲੌਰ ਨੇ ਚੇਨਈ ਸੁਪਰ ਕਿੰਗਜ਼ ਨੂੰ 50 ਦੌੜਾਂ ਨਾਲ ਹਰਾਇਆ ਹੈ। ਇਸ ਮੈਚ ਵਿੱਚ ਆਰਸੀਬੀ ਨੇ ਪਹਿਲਾਂ ਖੇਡਦੇ ਹੋਏ 196 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ ਵਿੱਚ ਚੇਨਈ ਦੀ ਟੀਮ ਸਿਰਫ਼ 146 ਦੌੜਾਂ ਹੀ ਬਣਾ ਸਕੀ। ਇਹ ਆਈਪੀਐਲ 2025 ਵਿੱਚ ਹੁਣ ਤੱਕ ਚੇਨਈ ਦੀ ਪਹਿਲੀ ਹਾਰ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ 4 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਹ ਸਾਲ 2008 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਆਰਸੀਬੀ ਨੇ ਚੇਪੌਕ ਸਟੇਡੀਅਮ ਵਿੱਚ ਸੀਐਸਕੇ ਨੂੰ ਹਰਾਇਆ ਹੈ।
17 ਸਾਲਾਂ ਬਾਅਦ ਆਰਸੀਬੀ ਨੂੰ ਜਿੱਤ ਮਿਲੀ
ਚੇਪੌਕ ਸਟੇਡੀਅਮ ਚੇਨਈ ਸੁਪਰ ਕਿੰਗਜ਼ ਦਾ ਗੜ੍ਹ ਹੈ ਅਤੇ ਇੱਥੇ ਆਰਸੀਬੀ ਨੇ ਚੇਨਈ ਨੂੰ ਆਖਰੀ ਵਾਰ ਸਾਲ 2008 ਵਿੱਚ ਹਰਾਇਆ ਸੀ। ਉਸ ਮੈਚ ਵਿੱਚ, ਬੰਗਲੁਰੂ ਨੂੰ ਚੇਨਈ ਤੇ 14 ਦੌੜਾਂ ਨਾਲ ਜਿੱਤ ਮਿਲੀ ਸੀ। ਇਸ ਤੋਂ ਬਾਅਦ, ਚੇਪੌਕ ਮੈਦਾਨ 'ਤੇ ਦੋਵੇਂ ਟੀਮਾਂ 8 ਵਾਰ ਇੱਕ-ਦੂਜੇ ਦੇ ਆਹਮਣੇ- ਸਾਹਮਣੇ ਆਈਆਂ, ਜਿਸ ਵਿੱਚ ਹਰ ਵਾਰ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਮਿਲੀ ਸੀ। ਹੁਣ ਆਖਰਕਾਰ ਚੇਪੌਕ ਸਟੇਡੀਅਮ ਵਿੱਚ ਸੀਐਸਕੇ ਦੇ ਖਿਲਾਫ ਲਗਾਤਾਰ 8 ਹਾਰਾਂ ਦਾ ਸਿਲਸਿਲਾ ਖਤਮ ਕਰ ਦਿੱਤਾ ਹੈ ਅਤੇ ਇਹ ਰਜਤ ਪਾਟੀਦਾਰ ਦੀ ਕਪਤਾਨੀ ਵਿੱਚ ਸੰਭਵ ਹੋਇਆ ਹੈ।
RCB ਦੀ ਲਗਾਤਾਰ ਦੂਜੀ ਜਿੱਤ
ਆਈਪੀਐਲ 2025 ਵਿੱਚ ਇਹ ਰਾਇਲ ਚੈਲੇਂਜਰਜ਼ ਬੰਗਲੌਰ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ, ਆਰਸੀਬੀ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਨਾਲ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਅੰਕ ਸੂਚੀ ਵਿੱਚ ਆਪਣਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਆਰਸੀਬੀ ਹੁਣ ਆਪਣੇ ਦੋਵੇਂ ਮੈਚ ਜਿੱਤਣ ਤੋਂ ਬਾਅਦ ਟੇਬਲ ਟਾਪ 'ਤੇ ਹੈ।
ਸੀਐਸਕੇ ਦੇ ਖਿਡਾਰੀ ਹੋਏ ਢੇਰ
ਚੇਨਈ ਸੁਪਰ ਕਿੰਗਜ਼ ਦੀ ਹਾਰ ਦੀ ਨੀਂਹ ਉਦੋਂ ਰੱਖੀ ਗਈ ਸੀ, ਜਦੋਂ ਗੇਂਦਬਾਜ਼ੀ ਦੌਰਾਨ ਬਹੁਤ ਟੀਮ ਦੇ ਸਪਿਨ ਗੇਂਦਬਾਜ਼ ਮਹਿੰਗੇ ਸਾਬਤ ਹੋਏ ਸੀ। ਇੱਕ ਪਾਸੇ, ਰਵੀਚੰਦਰਨ ਅਸ਼ਵਿਨ ਨੇ 2 ਓਵਰਾਂ ਵਿੱਚ 22 ਦੌੜਾਂ ਦਿੱਤੀਆਂ। ਉੱਥੇ ਹੀ ਰਵਿੰਦਰ ਜਡੇਜਾ ਨੇ 3 ਓਵਰਾਂ ਵਿੱਚ 37 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਵੀ ਨਹੀਂ ਲੈ ਸਕੇ। ਨੂਰ ਅਹਿਮਦ ਨੇ 3 ਵਿਕਟਾਂ ਲਈਆਂ, ਪਰ ਉਨ੍ਹਾਂ ਨੇ ਵੀ 9 ਦੇ ਇਕਾਨਮੀ ਰੇਟ ਨਾਲ ਦੌੜਾਂ ਵੀ ਦਿੱਤੀਆਂ। ਜਦੋਂ ਬੱਲੇਬਾਜ਼ੀ ਦਾ ਸਮਾਂ ਆਇਆ, ਤਾਂ ਦੂਜੇ ਤੋਂ ਪੰਜਵੇਂ ਸਥਾਨ ਤੱਕ ਦੇ ਸਾਰੇ ਬੱਲੇਬਾਜ਼ ਅਸਫਲ ਸਾਬਤ ਹੋਏ। ਰਚਿਨ ਰਵਿੰਦਰ ਨੇ 41 ਦੌੜਾਂ ਬਣਾਈਆਂ, ਪਰ ਟੀਮ ਦੀ ਕਿਸਮਤ ਬਦਲਣ ਵਿੱਚ ਅਸਫਲ ਰਹੇ। ਐਮਐਸ ਧੋਨੀ ਨੇ 16 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਖੇਡ ਕੇ ਪ੍ਰਸ਼ੰਸਕਾਂ ਦਾ ਦਿਲ ਜ਼ਰੂਰ ਜਿੱਤ ਲਿਆ। ਉਸਨੇ ਆਖਰੀ ਓਵਰਾਂ ਵਿੱਚ 3 ਚੌਕੇ ਅਤੇ 2 ਛੱਕੇ ਮਾਰੇ।