ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਿਸ ਨੇ ‘ਯਾਰੀਆਂ 2’ ਫਿਲਮ ਦੇ ਅਦਾਕਾਰ ਡਾਇਰੈਕਟਰ ਅਤੇ ਪ੍ਰੋਡਿਊਸਰ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈੈ। ਇਥੇ ਪੁਲਿਸ ਥਾਣਾ ਈ-ਡਵੀਜ਼ਨ ਵਿਚ ਆਈਪੀਸੀ ਦੀ ਧਾਰਾ 295-ਏ ਤਹਿਤ ਦਰਜ ਕੀਤੀ ਗਈ। ਇਸ ਐੱਫਆਈਆਰ ਵਿਚ ਫਿਲਮ ਅਦਾਕਾਰ ਨਿਜ਼ਾਨ ਜ਼ਾਫ਼ਰੀ, ਡਾਇਰੈਕਟਰ ਵਿਨੈ ਸਪਰੂ, ਰਾਧਿਕਾ ਰਾਓ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ ਦੇ ਨਾਮ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ‘ਯਾਰੀਆਂ 2’ ਫਿਲਮ ਵਿਚ ਗੈਰ ਸਿੱਖ ਅਦਾਕਾਰ ਨੂੰ ਗਾਤਰਾ ਕਿਰਪਾਨ ਪਹਿਨਾ ਕੇ ਸਿੱਖ ਸਿਧਾਂਤ, ਮਰਯਾਦਾ ਤੇ ਰਹਿਣੀ ਦੇ ਕੀਤੇ ਨਿਰਾਦਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਮੰਗੀ ਸੀ। ਇਸ ’ਤੇ ਪੁਲਿਸ ਵੱਲੋਂ ਥਾਣਾ-ਈ ਡਵੀਜ਼ਨ ਵਿਖੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਫਿਲਮਾਂ ਅੰਦਰ ਸਿੱਖ ਮਰਯਾਦਾ, ਪਰੰਪਰਾ ਅਤੇ ਜੀਵਨਸ਼ੈਲੀ ਦੀ ਤੌਹੀਨ ਕਰਨ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।