ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਦੂਜੀ ਵਾਰੀ ਨਿਰਾਸ਼ ਕੀਤਾ: ਸੁਖਬੀਰ

ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਦੂਜੀ ਵਾਰੀ ਨਿਰਾਸ਼ ਕੀਤਾ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮੂੰਗੀ ਦੀ ਫਸਲ ਘੱਟ ਭਾਅ ’ਤੇ ਵਪਾਰੀਆਂ ਨੂੰ ਵੇਚਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲਗਾਤਾਰ ਦੂਜੀ ਵਾਰੀ ਪੰਜਾਬ ਦੇ ਮੂੰਗੀ ਉਤਪਾਦਕ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ।ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਏਜੰਸੀਆਂ 7755 ਰੁਪਏ ਪ੍ਰਤੀ ਕੁਇੰਟਲ ਐਮਐਸਪੀ ’ਤੇ ਤੁਰੰਤ ਖਰੀਦ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੇ ਮੁੱਖ ਮੰਤਰੀ ਦੀ ਨਿੱਜੀ ਅਪੀਲ ਤੇ ਐਮਐਸਪੀ ’ਦੇ ਜਿਣਸ ਖਰੀਦਣ ਦੇ ਦਿੱਤੇ ਭਰੋਸੇ ਨੂੰ ਵੇਖਦਿਆਂ ਮੂੰਗੀ ਦੀ ਫਸਲ ਬੀਜੀ ਸੀ। ਜਦੋਂ ਫਸਲ ਮੰਡੀ ਵਿਚ ਆਈ ਤਾਂ ਸਾਰੀ ਜਿਣਸ ਵਿਚੋਂ ਸਿਰਫ 17 ਫੀਸਦੀ ਫਸਲ ਹੀ ਖਰੀਦੀ ਗਈ ਜਿਸ ਕਾਰਨ ਕਿਸਾਨਾਂ ਨੂੰ ਵੱਡਾ ਘਾਟਾ ਪਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਾਲ ਹਾਲਾਤ ਹੋਰ ਮਾੜੇ ਹਨ। ਇਸ ਸੀਜ਼ਨ ਵਿਚ ਸਰਕਾਰੀ ਏਜੰਸੀਆਂ ਨੇ ਪਿਛਲੇ ਸਾਲ ਨਾਲੋਂ 77 ਫੀਸਦੀ ਘੱਟ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 2280 ਕੁਇੰਟਲ ਮੂੰਗੀ ਦੀ ਖਰੀਦ ਕੀਤੀ ਹੈ ਜਦੋਂ ਕਿ ਪਿਛਲੇ ਸਾਲ ਹੁਣ ਤੱਕ 9902 ਕੁਇੰਟਲ ਫਸਲ ਖਰੀਦੀ ਸੀ। ਸ੍ਰੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੂਰੀ ਤਰ੍ਹਾਂ ਕਿਸਾਨਾਂ ਦੀ ਬਾਂਹ ਛੱਡਣ ਮਗਰੋਂ ਹੁਣ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਨਿਰਭਰ ਰਹਿ ਗੲੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੂੰਗੀ ਦੀ ਖੇਤੀ ਇਸ ਆਸ ਨਾਲ ਕੀਤੀ ਜਾ ਰਹੀ ਸੀ ਕਿ ਇਸ ਨਾਲ ਨਾ ਸਿਰਫ ਖੇਤੀ ਵਿਭਿੰਨਤਾ ਆਵੇਗੀ ਬਲਕਿ ਜ਼ਮੀਨ ਹੇਠਲਾ ਪਾਣੀ ਵੀ ਬਚੇਗਾ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਖੇਤੀ ਸੈਕਟਰ ਦੇ ਨਾਲ ਨਾਲ ਕਿਸਾਨਾਂ ਦੀ ਭਲਾਈ ਵੱਲ ਵੀ ਧਿਆਨ ਦੇਣ।