ਬਿੱਗ ਬੌਸ ਨੂੰ ਮੈਂ TRP ਦਿਵਾਈ ਅਤੇ ਕਪਿਲ ਸ਼ਰਮਾ ਨੂੰ ਇੰਡੀਪੈਂਡੈਂਟ ਸ਼ੋਅ ਮੇਰੀ ਵਜ੍ਹਾ ਨਾਲ ਮਿਲਿਆ : ਨਵਜੋਤ ਸਿੱਧੂ

ਬਿੱਗ ਬੌਸ ਨੂੰ ਮੈਂ TRP ਦਿਵਾਈ ਅਤੇ ਕਪਿਲ ਸ਼ਰਮਾ ਨੂੰ ਇੰਡੀਪੈਂਡੈਂਟ ਸ਼ੋਅ ਮੇਰੀ ਵਜ੍ਹਾ ਨਾਲ ਮਿਲਿਆ : ਨਵਜੋਤ ਸਿੱਧੂ

ਅੰਮ੍ਰਿਤਸਰ (ਕਮਲ)- ਸਾਬਕਾ ਕ੍ਰਿਕਟਰ, ਟੀ. ਵੀ. ਕਲਾਕਾਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਆਪਣੇ ਬਿਆਨ ਨਾਲ ਸੁਰਖੀਆਂ ਵਿਚ ਆਏ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਤਜਰਬਿਆਂ ਅਤੇ ਟੀ. ਵੀ. ਇੰਡਸਟਰੀ ਨਾਲ ਜੁੜੇ ਕੁਝ ਵਿਵਾਦਾਂ ਬਾਰੇ ਇਕ ਵੱਡਾ ਖੁਲਾਸਾ ਕੀਤਾ ਹੈ।

ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਬਿੱਗ ਬੌਸ’ ਵਰਗੇ ਸ਼ੋਅ ਨੂੰ ਇਕ ਨਵੀਂ ਪਛਾਣ ਦਿੱਤੀ ਅਤੇ ਕਪਿਲ ਸ਼ਰਮਾ ਨੂੰ ਇੰਡੀਪੈਂਡੈਂਟ ਸ਼ੋਅ ਵੀ ਉਨ੍ਹਾਂ ਦੀ ਬਦੌਲਤ ਮਿਲਿਆ। ਇਕ ਇੰਟਰਵਿਊ ਵਿਚ ਸਿੱਧੂ ਨੇ ਕਿਹਾ ਕਿ ਜਦੋਂ ਮੈਂ ‘ਬਿੱਗ ਬੌਸ’ ਵਿਚ ਗਿਆ ਤਾਂ ਸ਼ੋਅ ਦੀ ਟੀ. ਆਰ. ਪੀ. ਬਹੁਤ ਘੱਟ ਸੀ। ਮੇਰੇ ਜਾਣ ਤੋਂ ਬਾਅਦ ਸ਼ੋਅ ਨੂੰ ਨਵੀਂ ਊਰਜਾ ਮਿਲੀ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ। ਮੈਂ ਤਿੰਨ ਮਹੀਨੇ ਉੱਥੇ ਰਿਹਾ ਅਤੇ ਉਸ ਸਮੇਂ ਦੌਰਾਨ ਸ਼ੋਅ ਦਾ ਗ੍ਰਾਫ ਉੱਪਰ ਗਿਆ।

ਕਪਿਲ ਸ਼ਰਮਾ ਨੂੰ ਮਿਲਿਆ ਫਾਇਦਾ : ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਦਾ ਸ਼ੋਅ, ਜੋ ਅੱਜ ਘਰ-ਘਰ ਵਿਚ ਜਾਣਿਆ ਜਾਂਦਾ ਹੈ, ਉਸ ਦਾ ਫਾਰਮੈਟ ਪਹਿਲੇ ਮੇਰੇ ਨਾਂ ਤੋਂ ਸ਼ੁਰੂ ਹੋਇਆ ਸੀ। ਮੈਂ ‘ਕਾਮੇਡੀ ਨਾਈਟਸ ਵਿਦ ਕਪਿਲ’ ਵਿਚ ਮਹਿਮਾਨ ਨਹੀਂ ਸੀ, ਸਗੋਂ ਇਕ ਸਥਾਈ ਚਿਹਰਾ ਸੀ। ਲੋਕ ਮੇਰੇ ਹਾਸੇ, ਮੇਰੀ ਸ਼ਾਇਰੀ ਅਤੇ ਮੇਰੀਆਂ ਗੱਲਾਂ ਦਾ ਆਨੰਦ ਮਾਣਦੇ ਸਨ ਪਰ ਇਕ ਸਮਾਂ ਆਇਆ ਜਦੋਂ ਮੈਨੂੰ ਰਾਜਨੀਤੀ ਅਤੇ ਸਾਜ਼ਿਸ਼ਾਂ ਕਾਰਨ ਸ਼ੋਅ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਉਸ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਮੈਂ ਉਸ ਸਮੇਂ ਸ਼ੋਅ ਦਾ ਸਮਰਥਨ ਨਾ ਕੀਤਾ ਹੁੰਦਾ ਤਾਂ ਇਹ ਫਾਰਮੈਟ ਇੰਨਾ ਹਿੱਟ ਨਾ ਹੁੰਦਾ। ਮੈਂ ਕਪਿਲ ਨੂੰ ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ।