ਵਿਦੇਸ਼ੀ ਕਰੰਸੀ ਮਾਮਲਾ ED ਦੇ ਸਾਹਮਣੇ ਪੇਸ਼ ਹੋਏ ਅਨਿਲ ਅੰਬਾਨੀ

ਵਿਦੇਸ਼ੀ ਕਰੰਸੀ ਮਾਮਲਾ ED ਦੇ ਸਾਹਮਣੇ ਪੇਸ਼ ਹੋਏ ਅਨਿਲ ਅੰਬਾਨੀ
ਰਿਲਾਇੰਸ ਏ. ਡੀ. ਏ. ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਵਿਦੇਸ਼ੀ ਕਰੰਸੀ ਪ੍ਰਬੰਧਨ ਕਾਨੂੰਨ (ਫੇਮਾ) ਦੀ ਉਲੰਘਣਾ ਨਾਲ ਜੁੜੀ ਜਾਂਚ ਦੇ ਸਿਲਸਿਲੇ ’ਚ ਸੋਮਵਾਰ ਨੂੰ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੰਬਾਨੀ (64) ਵਿਦੇਸ਼ੀ ਕਰੰਸੀ ਪ੍ਰਬੰਧਨ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਮਾਮਲੇ ’ਚ ਆਪਣਾ ਬਿਆਨ ਦਰਜ ਕਰਾਉਣ ਲਈ ਸੰਘੀ ਜਾਂਚ ਏਜੰਸੀ ਦੇ ਬਲਾਰਡ ਅਸਟੇਟ ਖੇਤਰ ਸਥਿਤ ਦਫ਼ਤਰ ’ਚ ਹਾਜ਼ਰ ਹੋਏ। ਉਦਯੋਗਪਤੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਇਸੇ ਤਰ੍ਹਾਂ ਦੀ ਪੁੱਛਗਿੱਛ ਲਈ ਇਸ ਹਫਤੇ ਦੇ ਅੰਤ ਵਿੱਚ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ।

ਅੰਬਾਨੀ (64) ਸਵੇਰੇ ਕਰੀਬ 10 ਵਜੇ ਦੱਖਣੀ ਮੁੰਬਈ ਵਿੱਚ ਸੰਘੀ ਏਜੰਸੀ ਦੇ ਦਫ਼ਤਰ ਪਹੁੰਚੇ ਅਤੇ ਸ਼ਾਮ 6 ਵਜੇ ਚਲੇ ਗਏ। ਸੂਤਰਾਂ ਨੇ ਦੱਸਿਆ ਕਿ ਅੰਬਾਨੀ ਦਾ ਬਿਆਨ ਫੇਮਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਨਵੇਂ ਕੇਸ ਵਿੱਚ ਦਰਜ ਕੀਤਾ ਗਿਆ ਹੈ। ਅੰਬਾਨੀ ਸ਼ਾਮ ਕਰੀਬ 6 ਵਜੇ ਈਡੀ ਦਫ਼ਤਰ ਤੋਂ ਬਾਹਰ ਆਏ। ਅਨਿਲ ਅੰਬਾਨੀ ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਅਤੇ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਵਿੱਚ 2020 ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਏ ਸਨ। ਜਿਸ ਮਾਮਲੇ ’ਚ ਅੰਬਾਨੀ ਨੂੰ ਪੇਸ਼ ਕੀਤਾ ਗਿਆ, ਉਸ ਬਾਰੇ ਤੁਰੰਤ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।